American Academy of Pediatrics (AAP) ਵੱਲੋਂ ਸਕਰੀਨ ਸਮੇਂ ਬਾਰੇ ਸੇਧ
American Academy of Pediatrics (AAP) ਪਰਿਵਾਰਾਂ ਨੂੰ ਸਕਰੀਨ ਵਰਤਣ ਦੀਆਂ ਸਿਹਤਮੰਦ ਆਦਤਾਂ ਅਪਣਾਉਣ ਵਿੱਚ ਮਦਦ ਕਰਨ ਲਈ ਖੋਜ-ਆਧਾਰਿਤ ਸੇਧ ਪ੍ਰਦਾਨ ਕਰਦੀ ਹੈ। AAP ਪਰਿਵਾਰਾਂ ਨੂੰ ਇਸ ਗੱਲ ’ਤੇ ਗੌਰ ਕਰਨ ਲਈ ਉਤਸ਼ਾਹਿਤ ਕਰਦੀ ਹੈ ਕਿ ਉਹਨਾਂ ਦੇ ਬੱਚੇ ਕਿਹੜਾ ਮੀਡੀਆ, ਕਿਵੇਂ ਅਤੇ ਕਿਉਂ ਵਰਤਦੇ ਹਨ, ਅਤੇ ਜਿਵੇਂ-ਜਿਵੇਂ ਬੱਚੇ ਵੱਡੇ ਹੁੰਦੇ ਜਾਣ ਤਾਂ ਉਹਨਾਂ ਨਾਲ ਇਸ ਬਾਰੇ ਗੱਲਬਾਤ ਜਾਰੀ ਰੱਖੀ ਜਾਵੇ।
ਉਮਰ ਵਰਗ ਅਨੁਸਾਰ ਸਕਰੀਨ ਸਮੇਂ ਲਈ ਸੇਧ
ਹੇਠਾਂ ਦਿੱਤੀ ਸਲਾਹ ਕਲੀਨਿਕਲ ਅਤੇ ਬਾਲ-ਵਿਕਾਸ ਖੋਜ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ। ਇਸਦਾ ਉਦੇਸ਼ ਉਹ ਸ਼ੁਰੂਆਤੀ ਨੁਕਤਾ ਪੇਸ਼ ਕਰਨਾ ਹੈ ਜਿਸਨੂੰ ਪਰਿਵਾਰ ਆਪਣੇ ਬੱਚੇ ਦੀਆਂ ਲੋੜਾਂ ਮੁਤਾਬਕ ਅਡਜਸਟ ਕਰ ਸਕਦੇ ਹਨ।
5 ਸਾਲ ਤੱਕ ਦੇ ਬੱਚਿਆਂ ਲਈ ਸੇਧ:
2 ਸਾਲ ਤੋਂ ਘੱਟ: ਖੋਜ ਅਤੇ ਮਾਹਿਰ ਆਮ ਤੌਰ ’ਤੇ ਪਰਿਵਾਰ ਅਤੇ ਦੋਸਤਾਂ ਨਾਲ ਵੀਡੀਓ ਕਾਲਾਂ ਤੋਂ ਇਲਾਵਾ ਇਸ ਉਮਰ ਵਰਗ ਦੇ ਬੱਚਿਆਂ ਨੂੰ ਸਕਰੀਨ ਨਾ ਵਰਤਣ ਦੇਣ ਦੀ ਸਲਾਹ ਦਿੰਦੇ ਹਨ। ਇਸ ਪੜਾਅ ’ਤੇ, ਨਿਆਣੇ ਅਤੇ ਛੋਟੇ ਬੱਚੇ ਹੱਥਾਂ ਨਾਲ ਖੇਡਣ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲ ਆਪਸੀ ਤਾਲਮੇਲ ਰਾਹੀਂ ਸਭ ਤੋਂ ਵਧੀਆ ਸਿੱਖਦੇ ਹਨ।
2–5 ਸਾਲ ਦੇ ਬੱਚੇ: ਇਸ ਉਮਰ ਵਿੱਚ ਛੋਟੇ ਬੱਚੇ ਡਿਜੀਟਲ ਮੀਡੀਆ ਦੀ ਵਰਤੋਂ ਸਣੇ ਹੋਰ ਆਦਤਾਂ ਬਣਾਉਣੀਆਂ ਸ਼ੁਰੂ ਕਰਦੇ ਹਨ। ਮੀਡੀਆ ਦੀਆਂ ਸੀਮਾਵਾਂ ਸੈੱਟ ਕਰਨ ਨਾਲ ਖੇਡਣ, ਸਾਂਝੇ ਤੌਰ ’ਤੇ ਪੜ੍ਹਨ ਅਤੇ ਪਰਿਵਾਰ ਲਈ ਸਮਾਂ ਸੁਰੱਖਿਅਤ ਰੱਖਣ ਵਿੱਚ ਮਦਦ ਮਿਲਦੀ ਹੈ। ਹਰ ਪ੍ਰੋਗਰਾਮ ਉਮਰ ਦੇ ਹਿਸਾਬ ਨਾਲ ਹੋਣਾ ਚਾਹੀਦਾ ਹੈ ਅਤੇ ਆਦਰਸ਼ਕ ਤੌਰ ’ਤੇ ਬੱਚਿਆਂ ਦੇ ਨਾਲ ਹੀ ਦੇਖਿਆ ਜਾਣਾ ਚਾਹੀਦਾ ਹੈ ਤਾਂ ਜੋ ਤੁਸੀਂ ਦੇਖੇ ਜਾ ਰਹੇ ਕੰਟੈਂਟ ਬਾਰੇ ਗੱਲਬਾਤ ਵੀ ਕਰ ਸਕੋ। ਇਸ ਉਮਰ ਵਿੱਚ ਵੱਡੀਆਂ ਭਾਵਨਾਵਾਂ ਵੀ ਸ਼ਾਮਲ ਹੁੰਦੀਆਂ ਹਨ ਅਤੇ ਬੱਚਿਆਂ ਨੂੰ ਵੱਖ-ਵੱਖ ਰਣਨੀਤੀਆਂ ਨਾਲ ਉਹਨਾਂ ਭਾਵਨਾਵਾਂ ਨੂੰ ਸਮਝਣ ਵਿੱਚ ਮਦਦ ਕਰਨ ਨਾਲ ਸ਼ੁਰੂਆਤੀ ਦੌਰ ਵਿੱਚ ਸਿਹਤਮੰਦ ਆਦਤਾਂ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ।
6–12 ਸਾਲ ਦੇ ਬੱਚਿਆਂ ਲਈ ਸੇਧ: ਇਸ ਉਮਰ ਵਿੱਚ, ਨੀਂਦ, ਸਰੀਰਕ ਗਤੀਵਿਧੀ, ਖੇਡਣ ਅਤੇ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਕਾਫ਼ੀ ਸਮਾਂ ਕੱਢਣਾ ਜ਼ਰੂਰੀ ਹੈ। ਵਿੱਦਿਅਕ ਮਹੱਤਵ ਵਾਲਾ ਮਿਆਰੀ ਕੰਟੈਂਟ ਲੱਭੋ ਅਤੇ ਜਿੱਥੇ ਸੰਭਵ ਹੋਵੇ ਉੱਥੇ ਆਟੋਪਲੇ ਅਤੇ ਅਸੀਮਤ ਸਕ੍ਰੌਲਿੰਗ ਨੂੰ ਬੰਦ ਕਰ ਦਿਓ। ਬਹੁਤ ਸਾਰੇ ਮਾਹਿਰ ਸਲਾਹ ਦਿੰਦੇ ਹਨ ਕਿ 13 ਸਾਲ ਦੀ ਉਮਰ ਤੋਂ ਪਹਿਲਾਂ ਸੋਸ਼ਲ ਮੀਡੀਆ ਨਹੀਂ ਵਰਤਣਾ ਚਾਹੀਦਾ।
13–17 ਸਾਲ ਦੇ ਕਿਸ਼ੋਰਾਂ ਲਈ ਸੇਧ: ਬਹੁਤ ਸਾਰੇ ਪਰਿਵਾਰਾਂ ਦਾ ਮੰਨਣਾ ਹੈ ਕਿ ਕਿਸ਼ੋਰਾਂ ਨੂੰ ਹੌਲੀ-ਹੌਲੀ ਖੁੱਲ੍ਹ ਦੇਣਾ ਸਭ ਤੋਂ ਵਧੀਆ ਹੁੰਦਾ ਹੈ। ਜਦੋਂ ਉਹ ਅਜੇ ਸਿੱਖ ਰਹੇ ਹੁੰਦੇ ਹਨ, ਤਾਂ ਸ਼ੁਰੂਆਤ ਵਿੱਚ ਜ਼ਿਆਦਾ ਸੇਧ ਅਤੇ ਨਿਗਰਾਨੀ ਅਤੇ ਜਦੋਂ ਉਹ ਜ਼ਿੰਮੇਵਾਰ ਬਣਨਾ ਸਿੱਖ ਜਾਣ ਤਾਂ ਜ਼ਿਆਦਾ ਖੁੱਲ੍ਹ ਦੇਣੀ ਚਾਹੀਦੀ ਹੈ।
ਖ਼ਾਸ ਕਰਕੇ ਛੋਟੇ ਕਿਸ਼ੋਰਾਂ ਲਈ, ਇਹ ਮੁਲਾਂਕਣ ਕਰਦੇ ਰਹੋ ਕਿ ਉਹ ਸੋਸ਼ਲ ਮੀਡੀਆ ਲਈ ਤਿਆਰ ਹਨ ਜਾਂ ਨਹੀਂ ਅਤੇ ਨੀਂਦ, ਪਰਿਵਾਰ, ਸਰੀਰਕ ਗਤੀਵਿਧੀ ਅਤੇ ਲੋਕਾਂ ਨਾਲ ਮੇਲ-ਜੋਲ ਲਈ ਜ਼ਰੂਰੀ ਸਮੇਂ ਦਾ ਧਿਆਨ ਰੱਖੋ।
ਜਿਨ੍ਹਾਂ ਕਿਸ਼ੋਰਾਂ ਨੂੰ ਵੱਧ ਖੁੱਲ੍ਹ ਹੈ, ਉਹਨਾਂ ਦੇ ਅਜਿਹੇ ਵਤੀਰੇ ’ਤੇ ਗੌਰ ਕਰੋ ਜੋ ਸ਼ਾਇਦ ਡਿਵਾਈਸ ਵਰਤੋਂ ਕਾਰਨ ਹੋ ਸਕਦਾ ਹੈ। ਜਿਸ ਵਿੱਚ ਨੀਂਦ ਵਿੱਚ ਵਿਘਨ, ਬਹੁਤ ਜ਼ਿਆਦਾ ਵਰਤੋਂ, ਪੜ੍ਹਾਈ ਵਿੱਚ ਨੰਬਰ ਘਟਣਾ ਜਾਂ ਆਪਣੀ ਇਮੇਜ ਬਾਰੇ ਬਹੁਤ ਫ਼ਿਕਰਮੰਦ ਹੋਣਾ ਵਰਗੇ ਸੰਕੇਤ ਸ਼ਾਮਲ ਹਨ। ਅਤੇ ਉਹਨਾਂ ਨਾਲ ਗੱਲਬਾਤ ਕਰਦੇ ਰਹੋ ਤਾਂ ਜੋ ਕਿਸ਼ੋਰਾਂ ਨੂੰ ਲੱਗੇ ਕਿ ਸਹਾਇਤਾ ਲਈ ਉਹ ਤੁਹਾਡੇ ਕੋਲ ਆ ਸਕਦੇ ਹਨ।
ਸਕਰੀਨ ਸਮੇਂ ਦੀਆਂ ਸਿਹਤਮੰਦ ਆਦਤਾਂ ਬਣਾਉਣ ਦੀਆਂ ਸਲਾਹਾਂ
ਸਕਰੀਨ ਦੀ ਵਰਤੋਂ ਬਾਰੇ ਫ਼ੈਸਲਿਆਂ ਨੂੰ ਸੇਧ ਦੇਣ ਲਈ, American Academy of Pediatrics “ਪੰਜ C” ਯਾਨਿ ਪੰਜ ਨੁਕਤਿਆਂ ’ਤੇ ਵਿਚਾਰ ਕਰਨ ਦਾ ਸੁਝਾਅ ਦਿੰਦੀ ਹੈ:
ਬੱਚਾ (Child): ਆਪਣੇ ਬੱਚੇ ਦੀ ਉਮਰ, ਸੁਭਾਅ ਅਤੇ ਵਿਕਾਸ ਦੇ ਪੜਾਅ ਨੂੰ ਧਿਆਨ ਵਿੱਚ ਰੱਖੋ। ਬੱਚੇ ਮੀਡੀਆ ਦੀ ਇੱਕੋ ਕਿਸਮ ਜਾਂ ਮਾਤਰਾ ’ਤੇ ਵੱਖਰੇ ਢੰਗ ਨਾਲ ਪ੍ਰਤਿਕਿਰਿਆ ਦੇ ਸਕਦੇ ਹਨ।
ਕੰਟੈਂਟ (Content): ਤੇਜ਼ ਰਫ਼ਤਾਰ ਜਾਂ ਹਿੰਸਕ ਮੀਡੀਆ ਦੀ ਬਜਾਏ ਵਿੱਦਿਅਕ, ਉਮਰ-ਮੁਤਾਬਕ ਅਤੇ ਸਕਾਰਾਤਮਕ ਕੰਟੈਂਟ ਚੁਣਨ ਨੂੰ ਪਹਿਲ ਦਿਓ।
ਸ਼ਾਂਤ (Calm): ਇਹ ਸੋਚੋ ਕਿ ਮੀਡੀਆ ਦੀ ਵਰਤੋਂ ਤੁਹਾਡੇ ਬੱਚੇ ਦੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਰੱਖਣ ਦੀ ਸਮਰੱਥਾ ਵਿੱਚ ਮਦਦ ਕਰਦੀ ਹੈ ਜਾਂ ਨੁਕਸਾਨ ਪਹੁੰਚਾਉਂਦੀ ਹੈ।
Crowding out (ਹੋਰ ਕੰਮਾਂ ਦੀ ਥਾਂ ਮੱਲਣਾ): ਇਸ ਗੱਲ ’ਤੇ ਗੌਰ ਕਰੋ ਕਿ ਸਕਰੀਨ ਟਾਈਮ ਨੀਂਦ, ਸਰੀਰਕ ਗਤੀਵਿਧੀ, ਹੋਮਵਰਕ, ਬਾਹਰੀ ਖੇਡ ਜਾਂ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਉਣ ਆਦਿ ਵਿੱਚੋਂ ਕਿਸ ਚੀਜ਼ ਦਾ ਬਦਲ ਬਣ ਰਿਹਾ ਹੈ ਅਤੇ ਉਹਨਾਂ ਗਤੀਵਿਧੀਆਂ ਲਈ ਵਧੇਰੇ ਥਾਂ ਬਣਾਓ।
Communication (ਸੰਚਾਰ): ਬੱਚਿਆਂ ਨਾਲ ਇਸ ਬਾਰੇ ਗੱਲ ਕਰੋ ਕਿ ਉਹ ਔਨਲਾਈਨ ਕੀ ਦੇਖ ਰਹੇ ਹਨ ਅਤੇ ਕੀ ਕਰ ਰਹੇ ਹਨ ਤਾਂ ਜੋ ਉਹਨਾਂ ਨੂੰ ਮੀਡੀਆ ਨੂੰ ਸਮਝਣ ਅਤੇ ਇਸ ਤੋਂ ਸਿੱਖਣ ਵਿੱਚ ਮਦਦ ਮਿਲ ਸਕੇ।
ਜਦੋਂ ਤੁਸੀਂ ਆਪਣੇ ਪਰਿਵਾਰ ਲਈ ਸਿਹਤਮੰਦ ਸਕਰੀਨ ਸਮੇਂ ਦੀਆਂ ਆਦਤਾਂ ਨੂੰ ਉਤਸ਼ਾਹਿਤ ਕਰਨ ਬਾਰੇ ਵਿਚਾਰ ਕਰਦੇ ਹੋ, ਤਾਂ ਇਹਨਾਂ ਗੱਲਾਂ ਨੂੰ ਵੀ ਧਿਆਨ ਵਿੱਚ ਰੱਖੋ:
ਪਰਿਵਾਰਕ ਭੋਜਨ ਜਾਂ ਬੈੱਡਰੂਮ ਵਰਗੇ ਕੁਝ ਖ਼ਾਸ ਸਮਿਆਂ ਅਤੇ ਥਾਵਾਂ ਨੂੰ ਸਕਰੀਨ-ਮੁਕਤ ਰੱਖਣ ਨਾਲ ਗੱਲਬਾਤ ਲਈ ਮਾਹੌਲ ਬਣਦਾ ਹੈ ਅਤੇ ਬੱਚਿਆਂ ਨੂੰ ਸਕਰੀਨ ਤੋਂ ਧਿਆਨ ਹਟਾਉਣ ਦਾ ਮੌਕਾ ਮਿਲਦਾ ਹੈ।
ਬੱਚਿਆਂ ਲਈ ਨੀਂਦ ਖ਼ਾਸ ਤੌਰ ’ਤੇ ਮਹੱਤਵਪੂਰਨ ਹੈ। ਸਿਹਤਮੰਦ ਨੀਂਦ ਲਈ AAP ਡਿਵਾਈਸਾਂ ਨੂੰ ਬੈੱਡਰੂਮ ਤੋਂ ਬਾਹਰ ਚਾਰਜ ਕਰਨ ਅਤੇ ਸੌਣ ਤੋਂ ਲਗਭਗ ਇੱਕ ਘੰਟਾ ਪਹਿਲਾਂ ਡਿਵਾਈਸ ਕਰਫ਼ਿਊ ਸੈੱਟ ਕਰਨ ਦਾ ਸੁਝਾਅ ਦਿੰਦੀ ਹੈ।
ਬੱਚੇ ਅਕਸਰ ਆਪਣੇ ਆਲੇ-ਦੁਆਲੇ ਦੇ ਬਾਲਗਾਂ ਨੂੰ ਦੇਖ ਕੇ ਸਿੱਖਦੇ ਹਨ, ਇਸ ਲਈ ਤੁਸੀਂ ਆਪਣਾ ਡਿਵਾਈਸ ਕਿਵੇਂ ਵਰਤਦੇ ਹੋ, ਇਹ ਉਹਨਾਂ ਦੀਆਂ ਆਦਤਾਂ ਘੜਨ ਵਿੱਚ ਮਦਦ ਕਰ ਸਕਦਾ ਹੈ।
AAP ਦੀ ਸਹਾਇਕ ਸਮੱਗਰੀ
ਪਰਿਵਾਰਕ ਮੀਡੀਆ ਪਲੈਨ: AAP ਇੱਕ ਮੁਫ਼ਤ ਟੂਲ ਪ੍ਰਦਾਨ ਕਰਦਾ ਹੈ ਜੋ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਸਕਰੀਨ ਸਮੇਂ ਦੀ ਵਰਤੋਂ ਲਈ ਆਪਣੇ ਹਿਸਾਬ ਨਾਲ ਯੋਜਨਾ ਬਣਾਉਣ ਵਿੱਚ ਮਦਦ ਕਰ ਸਕਦਾ ਹੈ, ਜਿਸ ਵਿੱਚ ਡਿਵਾਈਸ ਤੋਂ ਬਿਨਾਂ ਸਮਾਂ, ਸੌਣ ਦਾ ਸਮਾਂ ਅਤੇ ਰੋਜ਼ਾਨਾ ਦੇ ਰੁਟੀਨ ਸ਼ਾਮਲ ਹਨ। ਦੇਖੋ: AAP ਦੀ ਵੈੱਬਸਾਈਟ ’ਤੇ ਪਰਿਵਾਰਕ ਮੀਡੀਆ ਪਲੈਨ।
ਮੀਡੀਆ ਦੀ ਵਰਤੋਂ ਦੇ 5 C ਨਿਯਮ: AAP ਮੀਡੀਆ ਵਰਤਣ ਦੇ ਪੰਜ-C ਦੇ ਆਧਾਰ ’ਤੇ ਉਮਰ-ਆਧਾਰਿਤ ਸੇਧ, ਸੁਝਾਅ ਅਤੇ ਸਰੋਤ ਪ੍ਰਦਾਨ ਕਰਦੀ ਹੈ। ਦੇਖੋ: AAP ਦੀ ਵੈੱਬਸਾਈਟ ’ਤੇ ਬੱਚੇ ਅਤੇ ਸਕਰੀਨ ਸਮਾਂ: ਮੀਡੀਆ ਸੇਧ ਦੇ 5 C ਨਿਯਮਾਂ ਨੂੰ ਵਰਤਣ ਦਾ ਤਰੀਕਾ ਸਿੱਖੋ।
ਛੋਟੀ ਉਮਰ ਵਿੱਚ ਬੱਚਿਆਂ ਦਾ ਵਿਕਾਸ ਅਤੇ ਸਕਰੀਨ ਸਮਾਂ ਟੂਲਕਿੱਟ: AAP ਪਰਿਵਾਰਾਂ ਨੂੰ ਸਿਹਤਮੰਦ ਮੀਡੀਆ ਆਦਤਾਂ ਅਪਣਾਉਣ ਵਿੱਚ ਮਦਦ ਕਰਨ ਲਈ ਸਰੋਤ ਪ੍ਰਦਾਨ ਕਰਦਾ ਹੈ। ਦੇਖੋ: AAP ਵੈੱਬਸਾਈਟ ’ਤੇ ਛੋਟੀ ਉਮਰ ਵਿੱਚ ਬੱਚਿਆਂ ਦਾ ਵਿਕਾਸ ਅਤੇ ਸਕਰੀਨ ਸਮਾਂ ਟੂਲਕਿੱਟ।
ਸਕਰੀਨ ਸਮਾਂ ਦਿਸ਼ਾ-ਨਿਰਦੇਸ਼: AAP ਸਬੂਤ-ਆਧਾਰਿਤ ਸੇਧ ਨਾਲ ਇਸ ਆਮ ਸਵਾਲ ਦਾ ਜਵਾਬ ਦਿੰਦਾ ਹੈ ਕਿ ਕਿਸ਼ੋਰਾਂ ਨੂੰ ਸੋਸ਼ਲ ਮੀਡੀਆ ’ਤੇ ਕਿੰਨਾ ਸਮਾਂ ਬਿਤਾਉਣਾ ਚਾਹੀਦਾ ਹੈ। ਦੇਖੋ: AAP ਵੈੱਬਸਾਈਟ ’ਤੇ ਸਕਰੀਨ ਸਮਾਂ ਦਿਸ਼ਾ-ਨਿਰਦੇਸ਼।