ਕਦਮ 1: ਆਪਣੇ ਬੱਚੇ ਨਾਲ ਸਕਰੀਨ ਸਮੇਂ ਬਾਰੇ ਗੱਲਬਾਤ ਕਰੋ
American Academy of Pediatrics (AAP) ਦੀ ਸਕਰੀਨ ਸਮੇਂ ਬਾਰੇ ਸੇਧ ਦੀ ਸਮੀਖਿਆ ਕਰਨ ਅਤੇ ਆਪਣੇ ਪਰਿਵਾਰ ਲਈ ਕੀ ਸਹੀ ਹੈ, ਇਸ ਬਾਰੇ ਸੋਚਣ ਤੋਂ ਬਾਅਦ, ਅਗਲਾ ਕਦਮ ਆਪਣੇ ਬੱਚੇ ਨਾਲ ਗੱਲ ਕਰਨਾ ਹੈ। ਇਹਨਾਂ ਗੱਲਬਾਤਾਂ ਦੇ ਸਭ ਤੋਂ ਵਧੀਆ ਨਤੀਜੇ ਆਮ ਤੌਰ ’ਤੇ ਉਦੋਂ ਮਿਲਦੇ ਹਨ ਜਦੋਂ ਇਹ ਇੱਕ ਵਾਰ ਨਿਯਮ ਬਣਾਉਣ ਦੀ ਬਜਾਏ, ਲਗਾਤਾਰ ਚੱਲਣ ਵਾਲੇ ਵਿਚਾਰ-ਵਟਾਂਦਰੇ ਦੇ ਰੂਪ ਵਿੱਚ ਹੋਣ ਜੋ ਬੱਚੇ ਦੇ ਵੱਡੇ ਹੋਣ ਦੇ ਨਾਲ-ਨਾਲ ਜਾਰੀ ਰਹਿਣ।
ਆਪਣੇ ਬੱਚੇ ਨਾਲ ਗੱਲਬਾਤ ਸ਼ੁਰੂ ਕਰੋ
ਛੋਟੇ ਬੱਚਿਆਂ ਦੇ ਮਾਮਲੇ ਵਿੱਚ ਉਹਨਾਂ ਦੇ ਨਾਲ ਕੰਟੈਂਟ ਦੇਖੋ ਤੇ ਗੇਮਾਂ ਖੇਡੋ ਤਾਂ ਜੋ ਤੁਸੀਂ ਉਨ੍ਹਾਂ ਦਾ ਨਜ਼ਰੀਆ ਸਮਝ ਸਕੋ ਅਤੇ ਸਾਂਝੀ ਸਹਿਮਤੀ ਵਾਲੇ ਸੌਖੇ ਨਿਯਮ ਬਣਾਓ। ਇਹਨਾਂ ਵਿੱਚ ਖਾਣੇ ਦਾ ਸਮਾਂ ਅਤੇ ਸੌਣ ਤੋਂ ਇੱਕ ਘੰਟਾ ਪਹਿਲਾਂ ਵਰਗੇ ਸਕਰੀਨ-ਮੁਕਤ ਸਮੇਂ ਅਤੇ ਬੈੱਡਰੂਮ ਵਰਗੇ ਸਕਰੀਨ-ਮੁਕਤ ਜ਼ੋਨ ਸ਼ਾਮਲ ਹੋ ਸਕਦੇ ਹਨ। ਤੁਸੀਂ ਜੋ ਹੱਦਾਂ ਤੈਅ ਕਰਦੇ ਹੋ ਉਹਨਾਂ ਦੇ ਕਾਰਨ ਸਮਝਾਓ। ਵਧ ਰਹੇ ਸਰੀਰ ਅਤੇ ਦਿਮਾਗ ਲਈ ਨੀਂਦ, ਚੱਲਣਾ-ਫਿਰਨਾ ਅਤੇ ਔਫ਼ਲਾਈਨ ਖੇਡਣਾ ਬਹੁਤ ਮਹੱਤਵਪੂਰਨ ਹਨ। ਤੁਸੀਂ ਉਹਨਾਂ ਦੇ Apple ਡਿਵਾਈਸ ’ਤੇ ਸਕਰੀਨ ਸਮਾਂ ਸੈਟਿੰਗਾਂ ਨੂੰ ਅਡਜਸਟ ਕਰ ਸਕਦੇ ਹੋ ਤਾਂ ਜੋ ਤੁਸੀਂ ਗੱਲਬਾਤ ਨਾਲ ਜਿਹੜੀਆਂ ਹੱਦਾਂ ਤੈਅ ਕੀਤੀਆਂ ਹਨ ਉਹਨਾਂ ਨੂੰ ਕਾਇਮ ਰੱਖਿਆ ਜਾ ਸਕੇ।
ਜਿਵੇਂ-ਜਿਵੇਂ ਤੁਹਾਡਾ ਬੱਚਾ ਵੱਡਾ ਹੁੰਦਾ ਹੈ, ਤਾਂ ਤੁਸੀਂ ਸ਼ਾਇਦ ਉਸ ਲਈ ਸਕਰੀਨ ਸਮਾਂ ਪ੍ਰਬੰਧਨ ਕਰਨ ਦੀ ਬਜਾਏ, ਉਸਨੂੰ ਆਪਣਾ ਸਕਰੀਨ ਸਮਾਂ ਆਪ ਤੈਅ ਕਰਨ ਵਿੱਚ ਮਦਦ ਕਰਨਾ ਚਾਹੋਗੇ, ਤਾਂ ਜੋ ਬਾਲਗ਼ ਹੋਣ ਤੱਕ ਉਸਨੂੰ ਪਹਿਲਾਂ ਹੀ ਸਿਹਤਮੰਦ ਆਦਤਾਂ ਪੈ ਚੁੱਕੀਆਂ ਹੋਣ। ਇਸ ਗੱਲ ’ਤੇ ਚਰਚਾ ਕਰਨ ਦੀ ਬਜਾਏ ਕਿ ਬੱਚੇ ਕਿੰਨੀ ਦੇਰ ਡਿਵਾਈਸ ਵਰਤਦੇ ਹਨ, ਇਸ ਗੱਲ ’ਤੇ ਧਿਆਨ ਦਿਓ ਕਿ ਉਹ ਅਸਲ ਵਿੱਚ ਡਿਵਾਈਸ ’ਤੇ ਕੀ ਕਰ ਰਹੇ ਹਨ। ਦੋਸ਼ ਮੜ੍ਹਨ ਦੀ ਥਾਂ, ਜਾਣਨ ਦੀ ਇੱਛਾ ਰੱਖੋ।
ਆਪਣੀ ਵੈੱਬਸਾਈਟ ’ਤੇ, AAP ਵੱਲੋਂ ਗੱਲਬਾਤ ਸ਼ੁਰੂ ਕਰਨ ਲਈ ਸੁਝਾਅ ਪੇਸ਼ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਤੁਸੀਂ ਅਪਣਾ ਸਕਦੇ ਹੋ, ਜਿਵੇਂ ਕਿ:
“ਕੀ ਆਪਾਂ ਇਸ ਬਾਰੇ ਗੱਲ ਕਰ ਸਕਦੇ ਹਾਂ ਕਿ ਸਾਡੇ ਪਰਿਵਾਰ ਨੂੰ ਤਕਨਾਲੋਜੀ ਦੀ ਵਰਤੋਂ ਲਈ ਕਿਹੜੀਆਂ ਹੱਦਾਂ ਤੈਅ ਕਰਨੀਆਂ ਚਾਹੀਦੀਆਂ ਹਨ? ਆਓ ਰਲ ਕੇ ਫ਼ੈਸਲਾ ਕਰੀਏ, ਕਿਉਂਕਿ ਮੈਨੂੰ ਲਗਦਾ ਹੈ ਕਿ ਇਹਨਾਂ ਫ਼ੈਸਲਿਆਂ ਵਿੱਚ ਤੁਹਾਡੀ ਰਾਇ ਵੀ ਸ਼ਾਮਲ ਹੋਵੇ।”
“ਕੀ ਦਿਨ ਵਿੱਚ ਕੋਈ ਅਜਿਹਾ ਸਮਾਂ ਹੈ ਜਦੋਂ ਤੁਹਾਨੂੰ ਲਗਦਾ ਹੈ ਕਿ ਆਪਾਂ ਨੂੰ ਡਿਵਾਈਸ ਜਾਂ ਫ਼ੋਨਾਂ ਨਹੀਂ ਵਰਤਣੇ ਚਾਹੀਦੇ? ਉਦਾਹਰਨ ਲਈ, ਜਦੋਂ ਪਰਿਵਾਰ ਖਾਣ ਲਈ ਇਕੱਠਾ ਬੈਠੇ।”
“ਕੀ ਕੋਈ ਅਜਿਹਾ ਖ਼ਾਸ ਸਮਾਂ ਹੈ ਜਦੋਂ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਕੋਲ ਹੋਵਾਂ ਅਤੇ ਡਿਵਾਈਸ ਜਾਂ ਫ਼ੋਨ ਦੀ ਵਰਤੋਂ ਨਾ ਕਰਾਂ?”
ਹੋਰ ਸੁਝਾਵਾਂ ਲਈ, ਦੇਖੋ: AAP ਵੱਲੋਂ ਪਰਿਵਾਰਾਂ ਨੂੰ ਮੀਡੀਆ ਬਾਰੇ ਗੱਲਬਾਤ ਸ਼ੁਰੂ ਕਰਨ ਲਈ ਨੁਕਤੇ।
ਡਿਜੀਟਲ ਮਾਮਲੇ ਸਮਝਣ ਵਿੱਚ ਆਪਣੇ ਬੱਚੇ ਦੀ ਮਦਦ ਕਰੋ
ਜਦੋਂ ਤੁਸੀਂ ਆਪਣੇ ਬੱਚੇ ਨਾਲ ਸਕਰੀਨ ਸਮੇਂ ਬਾਰੇ ਗੱਲਬਾਤ ਕਰਦੇ ਹੋ, ਤਾਂ ਤੁਸੀਂ ਡਿਜੀਟਲ ਮਾਮਲਿਆਂ ਨੂੰ ਸਮਝਣ ਵਿੱਚ ਉਸਦੀ ਮਦਦ ਕਰ ਸਕਦੇ ਹੋ, ਜਿਸਦਾ ਮਤਲਬ ਹੈ ਇਹ ਸਮਝਣਾ ਹੈ ਕਿ ਤਕਨਾਲੋਜੀ ਦੀ ਸੁਰੱਖਿਅਤ ਅਤੇ ਸੋਚ-ਸਮਝ ਕੇ ਵਰਤੋਂ ਕਿਵੇਂ ਕਰਨੀ ਹੈ। ਤੁਸੀਂ ਇਹ ਸਮਝਣ ਵਿੱਚ ਆਪਣੇ ਬੱਚੇ ਦੀ ਮਦਦ ਕਰ ਸਕਦੇ ਹੋ ਕਿ ਔਨਲਾਈਨ ਕੀ ਸਾਂਝਾ ਕਰਨਾ ਹੈ, ਕਿਸ ’ਤੇ ਭਰੋਸਾ ਕਰਨਾ ਹੈ ਅਤੇ ਲੋਕਾਂ ਨਾਲ ਕਿਵੇਂ ਪੇਸ਼ ਆਉਣਾ ਹੈ। ਤੁਸੀਂ ਆਪਣੇ ਸਾਹਮਣੇ ਆਉਣ ਵਾਲੀ ਗ਼ਲਤ ਜਾਣਕਾਰੀ ਦੀਆਂ ਉਦਾਹਰਨਾਂ ਦੱਸ ਸਕਦੇ ਹੋ, ਇਨਫ਼ਲੂਐਂਸਰ ਅਤੇ ਵਿਗਿਆਪਨ ਕੀ ਵੇਚ ਰਹੇ ਹਨ, ਇਸ ਬਾਰੇ ਸਵਾਲ ਕਰ ਸਕਦੇ ਹੋ ਅਤੇ ਉਨ੍ਹਾਂ ਐਪਾਂ ਬਾਰੇ ਗੱਲ ਕਰ ਸਕਦੇ ਹੋ ਜਿਨ੍ਹਾਂ ਦੀ ਵਰਤੋਂ ਛੱਡਣੀ ਔਖੀ ਹੋ ਸਕਦੀ ਹੈ। ਗੱਲਬਾਤ ਨੂੰ ਦੋ-ਤਰਫ਼ਾ ਰੱਖਣ ਨਾਲ ਸਾਈਬਰ-ਬੁਲਿੰਗ ਅਤੇ ਪਰਦੇਦਾਰੀ ਵਰਗੇ ਗੰਭੀਰ ਵਿਸ਼ਿਆਂ ’ਤੇ ਚਰਚਾ ਕਰਨ ਦਾ ਮੌਕਾ ਵੀ ਮਿਲਦਾ ਹੈ, ਤਾਂ ਜੋ ਤੁਹਾਡੇ ਬੱਚੇ ਨੂੰ ਪਤਾ ਹੋਵੇ ਕਿ ਉਹ ਕਿਸੇ ਵੀ ਮਸਲੇ ਲਈ ਤੁਹਾਡੇ ਕੋਲ ਆ ਸਕਦਾ ਹੈ।
ਹੋਰ ਜਾਣਕਾਰੀ ਲਈ, ਦੇਖੋ: ਡਿਜੀਟਲ ਸੰਸਾਰ ਵਿੱਚ ਬੱਚਿਆਂ ਨੂੰ ਵਧਣ-ਫੁੱਲਣ ਵਿੱਚ ਮਦਦ ਕਰਨ ਲਈ: AAP ਵੱਲੋਂ ਕੀਤੀ AAP ਨੀਤੀ ਦੀ ਵਿਆਖਿਆ।